1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਦੀ ਐਮਪੀਪੀ ਸਾਰਾਹ ਜਾਮਾ ਨੂੰ ਕੈਫ਼ੀਯੇਹ ਪਾਉਣ ‘ਤੇ ਲਜਿਸਲੇਚਰ ਤੋਂ ਬਾਹਰ ਹੋਣ ਦੇ ਹੁਕਮ

ਜਾਮਾ ਨੇ ਲਜਿਸਲੇਚਰ ਅੰਦਰ ਕੈਫ਼ੀਯੇਹ ਪਹਿਨਣ ‘ਤੇ ਲੱਗੀ ਪਾਬੰਦੀ ਦੀ ਉਲੰਘਣਾ ਕੀਤੀ

ਵੀਰਵਾਰ ਨੂੰ ਸੁਤੰਤਰ ਐਮਪੀਪੀ ਸਾਰਾਹ ਜਾਮਾ ਨੂੰ ਲਜਿਸਲੇਚਰ ਤੋਂ ਬਾਹਰ ਹੋਣ ਲਈ ਆਖਿਆ ਗਿਆ।

ਵੀਰਵਾਰ ਨੂੰ ਸੁਤੰਤਰ ਐਮਪੀਪੀ ਸਾਰਾਹ ਜਾਮਾ ਨੂੰ ਲਜਿਸਲੇਚਰ ਤੋਂ ਬਾਹਰ ਹੋਣ ਲਈ ਆਖਿਆ ਗਿਆ।

ਤਸਵੀਰ: Radio-Canada / Camille Gris Roy

RCI

ਵੀਰਵਾਰ ਨੂੰ ਓਨਟੇਰਿਓ ਦੀ ਇੱਕ ਐਮਪੀਪੀ ਨੇ ਲਜਿਸਲੇਚਰ ਵਿੱਚ ਆਪਣੀ ਕੈਫ਼ੀਯੇਹ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਉਸ ਉੱਪਰ ਬਾਕੀ ਪੂਰੇ ਦਿਨ ਲਈ ਚੈਂਬਰ ਵਿਚ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ।

ਸਪੀਕਰ ਟੈਡ ਆਰਨੌਟ ਨੇ ਸੁਤੰਤਰ ਐਮਪੀਪੀ ਸਾਰਾਹ ਜਾਮਾ ਨੂੰ ਕੈਫ਼ੀਯੇਹ ਕਾਰਨ ਚੈਂਬਰ ਛੱਡਣ ਦਾ ਹੁਕਮ ਦਿੱਤਾ, ਪਰ ਉਸਨੇ ਇਨਕਾਰ ਕਰ ਦਿੱਤਾ।

ਕੈਫ਼ੀਯੇਹ ਚਿੱਟੇ-ਕਾਲੇ ਖਾਨਿਆਂ ਵਾਲਾ ਇੱਕ ਸਕਾਰਫ਼ ਹੁੰਦਾ ਹੈ ਜੋ ਆਮ ਤੌਰ 'ਤੇ ਅਰਬ ਸਭਿਆਚਾਰਾਂ ਵਿੱਚ ਪਹਿਨਿਆ ਜਾਂਦਾ ਹੈ ਪਰ ਫਲਸਤੀਨੀ ਲੋਕਾਂ ਲਈ ਇਸ ਦਾ ਵਿਸ਼ੇਸ਼ ਮਹੱਤਵ ਹੈ। ਇਜ਼ਰਾਈਲ-ਹਮਾਸ ਯੁੱਧ ਤੋਂ ਬਾਅਦ ਗਾਜ਼ਾ ਵਿੱਚ ਹਿੰਸਾ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੇ ਫ਼ਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਵਿੱਚ ਇਹ ਕੈਫ਼ੀਯੇਹ ਅਕਸਰ ਨਜ਼ਰ ਆਉਂਦੇ ਹਨ।

ਇਹ ਦੂਸਰੀ ਵਾਰੀ ਸੀ ਜਦੋਂ ਸਾਰਾਹ ਨੇ ਇਸ ਹਫ਼ਤੇ ਲਜਿਸਲੇਚਰ ਅੰਦਰ ਇਹ ਸਕਾਰਫ਼ ਪਹਿਨਿਆ ਸੀ ਅਤੇ ਉਸਨੇ ਕਿਹਾ ਕਿ ਉਹ ਇਸਨੂੰ ਪਹਿਨਣਾ ਜਾਰੀ ਰੱਖੇਗੀ।

ਸਪੀਕਰ ਟੈਡ ਆਰਨੌਟ ਨੇ ਇੱਕ ਸ਼ਿਕਾਇਤ ਤੋਂ ਬਾਅਦ ਮਾਰਚ ਵਿੱਚ ਇਹ ਕਹਿੰਦੇ ਹੋਏ ਸਕਾਰਫ਼ ‘ਤੇ ਪਾਬੰਦੀ ਲਗਾ ਦਿੱਤੀ ਸੀ ਕਿ ਇਹ ਲਜਿਸਲੇਚਰ ਦੇ ਨਿਯਮਾਂ ਦੇ ਉਲਟ ਸਿਆਸੀ ਸੰਦੇਸ਼ ਦੇ ਪ੍ਰਗਟਾਵੇ ਲਈ ਪਹਿਨਿਆ ਜਾ ਰਿਹਾ ਸੀ। ਪ੍ਰੀਮੀਅਰ ਡੱਗ ਫ਼ੋਰਡ ਸਮੇਤ ਪਾਰਟੀ ਦੇ ਚਾਰੇ ਲੀਡਰਾਂ ਨੇ ਸਪੀਕਰ ਨੂੰ ਪਾਬੰਦੀ ਹਟਾਉਣ ਲਈ ਕਿਹਾ ਹੈ।

ਲਜਿਸਲੇਚਰ ਦੀ ਸਿਕਿਓਰਟੀ ਨੇ ਜਾਮਾ ਨੂੰ ਪ੍ਰਸ਼ਨ ਕਾਲ ਤੋਂ ਨਹੀਂ ਹਟਾਇਆ। ਆਰਨੌਟ ਨੇ ਕਿਹਾ ਕਿ ਉਹ ਜਾਮਾ ਨੂੰ ਜ਼ਬਰਦਸਤੀ ਹਟਾਉਣ ਲਈ ਤਿਆਰ ਨਹੀਂ ਸਨ।

ਜਾਮਾ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਕੈਫ਼ੀਯੇਹ ‘ਤੇ ਪਾਬੰਦੀ ਨਸਲਵਾਦੀ ਅਤੇ ਮਨਮਾਨੀ ਹੈ ਅਤੇ ਉਹ ਸਕਾਰਫ਼ ਪਹਿਨਣਾ ਜਾਰੀ ਰੱਖੇਗੀ। ਉਸਨੇ ਕਿਹਾ ਕਿ ਕੈਫ਼ੀਯੇਹ ਫਿਲਸਤੀਨੀ ਲੋਕਾਂ ਦੇ ਸਮਰਥਨ ਵਿੱਚ ਇੱਕ ਸੱਭਿਆਚਾਰਕ ਲਿਬਾਸ ਹੈ।

ਜਾਮਾ ਨੇ ਕਿਹਾ, ਇਹ ਇੱਕ ਸਿਆਸੀ ਮੁੱਦਾ ਹੈ, ਮੇਰਾ ਕੰਮ ਸਿਆਸੀ ਹੋਣਾ ਹੈ, ਅਤੇ ਇਸ ਲਈ ਮੈਂ ਇਸ ਕੱਪੜੇ ਨੂੰ ਪਹਿਨਣਾ ਜਾਰੀ ਰੱਖਾਂਗੀ

ਸਾਰਾਹ ਜਾਮਾ ਲਜਿਸਲੇਚਰ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।

ਸਾਰਾਹ ਜਾਮਾ ਲਜਿਸਲੇਚਰ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।

ਤਸਵੀਰ: CBC

ਵੀਰਵਾਰ ਨੂੰ ਇੱਕ ਈਮੇਲ ਵਿਚ ਸਪੀਕਰ ਦੇ ਦਫ਼ਤਰ ਨੇ ਕਿਹਾ ਕਿ ਪੂਰੇ ਦਿਨ ਲਈ ਜਾਮਾ ਦੀਆਂ ਵਿਧਾਨਿਕ ਗਤੀਵਿਧੀਆਂ ਵਿਚ ਹਿੱਸਾ ਲੈਣ ਦੀਆਂ ਯੋਗਤਾਵਾਂ ਨੂੰ ਸੀਮਤ ਕੀਤਾ ਗਿਆ ਸੀ।

ਜਾਮਾ ਪਹਿਲਾਂ ਐਨਡੀਪੀ ਦਾ ਹਿੱਸਾ ਸੀ। 7 ਅਕਤੂਬਰ ਨੂੰ ਹਮਾਸ ਦੇ ਇਜ਼ਰਾਈਲ ਉੱਪਰ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਟਿੱਪਣੀਆਂ ਨੂੰ ਲੈਕੇ ਐਨਡੀਪੀ ਨੇ ਜਾਮਾ ਨੂੰ ਕੌਕਸ ਤੋਂ ਫ਼ਾਰਗ ਕਰ ਦਿੱਤਾ ਸੀ।

ਜਾਮਾ ਦਾ ਮੰਨਣਾ ਹੈ ਕਿ ਉਸਨੂੰ ਪਾਰਟੀ ਤੋਂ ਤਾਂ ਕੱਢਿਆ ਗਿਆ ਸੀ ਕਿਉਂਕਿ ਸ਼ਾਇਦ ਉਸਨੇ ਬਹਤ ਜਲਦੀ ਜੰਗਬੰਦੀ ਦੀ ਮੰਗ ਕੀਤੀ ਸੀ ਅਤੇ ਕਿਉਂਕਿ ਉਸਨੇ ਇਜ਼ਰਾਈਲ ਨੂੰ ਇੱਕ ਨਸਲਵਾਦੀ ਦੇਸ਼ ਆਖਿਆ ਸੀ।

ਓਨਟੇਰਿਓ ਐਨਡੀਪੀ ਲੀਡਰ ਮੈਰਿਟ ਸਟਾਈਲਜ਼ ਨੇ ਜਾਮਾ ਨੂੰ ਲਜਿਸਲੇਚਰ ਤੋਂ ਬਾਹਰ ਹੋਣ ਲਈ ਆਖੇ ਜਾਣ ਦੀ ਨਿੰਦਾ ਕੀਤੀ।

ਕੈਫ਼ੀਯੇਹ ਪਹਿਨਣ ‘ਤੇ ਲੱਗੀ ਪਾਬੰਦੀ ਨੂੰ ਹਟਾਉਣ ਲਈ ਐਨਡੀਪੀ ਦੋ ਵਾਰੀ ਮੋਸ਼ਨ ਲਿਆ ਚੁੱਕੀ ਹੈ।

ਸਟਾਈਲਜ਼ ਨੇ ਪ੍ਰਸ਼ਨਕਾਲ ਦੌਰਾਨ ਸਾਰੇ ਐਮਪੀਪੀਜ਼ ਦੀ ਸਰਬਸੰਮਤੀ ਦੇਖਣ ਬਾਬਤ ਮੋਸ਼ਨ ਲਿਆਉਣ ਦਾ ਪ੍ਰਸਤਾਵ ਰੱਖਿਆ, ਪਰ ਪ੍ਰਸ਼ਨਕਾਲ ਵਿਚ ਇਸ ਦੀ ਆਗਿਆ ਨਹੀਂ ਮਿਲੀ।

ਫ਼ੋਰਡ ਨੇ ਇਸ ਹਫ਼ਤੇ ਫ਼ਿਰ ਦੁਹਰਾਇਆ ਕਿ ਉਹ ਪਾਬੰਦੀ ਦਾ ਸਮਰਥਨ ਨਹੀਂ ਕਰਦੇ, ਪਰ ਇਹ ਐਮਪੀਪੀਜ਼ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣਾ ਫ਼ੈਸਲਾ ਲੈਣ।

ਲਿਬਰਲ ਐਮਪੀਪੀ ਜੌਨ ਫ਼੍ਰੇਜ਼ਰ

ਲਿਬਰਲ ਐਮਪੀਪੀ ਜੌਨ ਫ਼੍ਰੇਜ਼ਰ

ਤਸਵੀਰ: (Christopher Katsarov/The Canadian Press)

ਲਿਬਰਲ ਐਮਪੀਪੀ ਜੌਨ ਫ਼੍ਰੇਜ਼ਰ ਨੇ ਕਿਹਾ ਕਿ ਇਹ ਮੁੱਦਾ ਵੰਡੀਆਂ ਪਾ ਰਿਹਾ ਹੈ ਅਤੇ ਫ਼ੋਰਡ ਸਰਕਾਰ ਕੋਲ ਇੱਕ ਸਰਕਾਰੀ ਮੋਸ਼ਨ ਲਿਆ ਕੇ ਇਸ ਫ਼ੈਸਲੇ ਨੂੰ ਉਲਟਾਉਣ ਦੀ ਸ਼ਕਤੀ ਹੈ।

ਫ਼੍ਰੇਜ਼ਰ ਨੇ ਕਿਹਾ, ਪ੍ਰੀਮੀਅਰ ਸਿਰਫ਼ ਪਾਰਟੀ ਦੇ ਲੀਡਰ ਨਹੀਂ, ਉਹ ਇਸ ਸੂਬੇ ਦੇ ਪ੍ਰੀਮੀਅਰ ਹਨ। ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ

ਦ ਕੈਨੇਡੀਅਨ ਪ੍ਰੈੱਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ