1. ਮੁੱਖ ਪੰਨਾ
  2. ਸਮਾਜ
  3. ਨਿਆਂ

ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ

ਪੇਸ਼ੀ ਦੀ ਅਗਲੀ ਤਾਰੀਖ਼ 21 ਮਈ

ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਸਮਰਥਕ ਉਸ ਦੇ ਕਤਲ ਦੇ ਮੁਲਜ਼ਮਾਂ ਦੀ ਸਰੀ ਦੀ ਅਦਾਲਤ ਵਿਚ ਮੰਗਲਵਾਰ ਨੂੰ ਪੇਸ਼ੀ ਦੌਰਾਨ ਅਦਾਲਤ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ।

ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਸਮਰਥਕ ਉਸ ਦੇ ਕਤਲ ਦੇ ਮੁਲਜ਼ਮਾਂ ਦੀ ਸਰੀ ਦੀ ਅਦਾਲਤ ਵਿਚ ਮੰਗਲਵਾਰ ਨੂੰ ਪੇਸ਼ੀ ਦੌਰਾਨ ਅਦਾਲਤ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ।

ਤਸਵੀਰ: (Ben Nelms/CBC)

RCI

ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮੁਲਜ਼ਮ ਤਿੰਨ ਭਾਰਤੀ ਨਾਗਰਿਕ ਅੱਜ ਵੀਡੀਓ ਕਾਨਫ਼੍ਰੰਸ ਰਾਹੀਂ ਬੀ ਸੀ ਦੀ ਅਦਾਲਤ ਵਿਚ ਪੇਸ਼ ਹੋਏ ਅਤੇ ਇਸ ਦੌਰਾਨ ਸਿੱਖ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਅਦਾਲਤ ਦੇ ਬਾਹਰ ਮੁਜ਼ਾਹਰਾ ਵੀ ਕੀਤਾ।

ਨਿੱਝਰ ਦੇ ਸਮਰਥਕਾਂ ਨੇ ਸਿੱਖ ਆਜ਼ਾਦੀ ਅਤੇ ਹਰਦੀਪ ਸਿੰਘ ਨਿੱਝਰ ਦੇ ਬੈਨਰ ਚੁੱਕੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਵੱਖਵਾਦੀ ਲਹਿਰ ਦੇ ਪੀਲੇ ਅਤੇ ਨੀਲੇ ਰੰਗ ਵਾਲੇ ਝੰਡੇ ਵੀ ਲਹਿਰਾਉਂਦੇ ਨਜ਼ਰ ਆਏ।

ਤਿੰਨੇ ਮੁਲਜ਼ਮਾਂ - ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਨੇ ਸੰਤਰੀ ਰੰਗ ਦੇ ਜੰਪਸੂਟ ਪਹਿਨੇ ਹੋਏ ਸਨ ਅਤੇ ਉਨ੍ਹਾਂ ਨੇ ਸੰਖੇਪ ਵਿਚ ਸਵਾਲਾਂ ਦੇ ਜਵਾਬ ਦਿੱਤੇ।

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਫੜੇ ਗਏ ਤਿੰਨ ਸ਼ੱਕੀਆਂ ਦੀ ਤਸਵੀਰ। ਕਰਨ ਬਰਾੜ (ਖੱਬੇ), ਕਰਨਪ੍ਰੀਤ ਸਿੰਘ (ਕੇਂਦਰ), ਅਤੇ ਕਮਲਪ੍ਰੀਤ ਸਿੰਘ।

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਫੜੇ ਗਏ ਤਿੰਨ ਸ਼ੱਕੀਆਂ ਦੀ ਤਸਵੀਰ। ਕਰਨ ਬਰਾੜ (ਖੱਬੇ), ਕਰਨਪ੍ਰੀਤ ਸਿੰਘ (ਕੇਂਦਰ), ਅਤੇ ਕਮਲਪ੍ਰੀਤ ਸਿੰਘ।

ਤਸਵੀਰ: (Submitted by IHIT)

ਕਰਨ ਬਰਾੜ ਅਤੇ ਕਰਨਪ੍ਰੀਤ ਸਿੰਘ ਆਪਣੇ ਵਕੀਲਾਂ ਦੇ ਰਾਹੀਂ ਸਰੀ ਦੀ ਅਦਾਲਤ ਵਿਚ 21 ਮਈ ਨੂੰ ਅਗਲੀ ਪੇਸ਼ੀ ਲਈ ਸਹਿਮਤ ਹੋਏ, ਪਰ ਕਮਲਪ੍ਰੀਤ ਸਿੰਘ ਕਾਨੂੰਨੀ ਨੁਮਾਇੰਦਗੀ ਦੀ ਭਾਲ ਵਿਚ ਹੈ, ਇਸ ਕਰਕੇ ਉਸਦੀ ਅਗਲੀ ਤਾਰੀਖ਼ ਨਹੀਂ ਪਈ ਹੈ।

ਤਿੰਨੇ ਮੁਲਜ਼ਮਾਂ ਨੂੰ ਲੰਘੇ ਸ਼ੁੱਕਰਵਾਰ ਐਡਮੰਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਲਈ ਚਾਰਜ ਕੀਤਾ ਗਿਆ ਹੈ।

ਕੁਝ ਮੁਜ਼ਾਹਰਾਕਾਰੀਆਂ ਦੇ ਹੱਥਾਂ ਵਿਚ ਫੜੇ ਬੈਨਰਾਂ ਵਿਚ ਤਿੰਨੇ ਮੁਲਜ਼ਮਾਂ ਦੀ ਤਸਵੀਰਾਂ ਸਨ ਜਿਸ ‘ਤੇ ਲਿਖਿਆ ਸੀ ਕਿ (Indian Agents arrested) ਭਾਰਤੀ ਏਜੰਟ ਗ੍ਰਿਫ਼ਤਾਰ ਹੋਏ

ਸਤੰਬਰ ਵਿਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਹਾਊਸ ਔਫ਼ ਕੌਮਨਜ਼ ਵਿਚ ਬੋਲਦਿਆਂ ਕਿਹਾ ਸੀ ਕਿ ਖ਼ੂਫ਼ੀਆ ਜਾਣਕਾਰੀ ਦੱਸਦੀ ਹੈ ਕਿ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਭੂਮਿਕਾ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੀ ਜਾਂਚ ਜਾਰੀ ਹੈ ਕਿ ਕੀ ਇਹਨਾਂ ਮਸ਼ਕੂਕਾਂ ਦੇ ਭਾਰਤ ਸਰਕਾਰ ਨਾਲ ਸਬੰਧ ਹਨ।

ਹਰਦੀਪ ਸਿੰਘ ਨਿੱਝਰ ਇੱਕ ਵੱਖਰੇ ਸਿੱਖ ਮੁਲਕ ਦੀ ਸਥਾਪਨਾ ਦਾ ਸਮਰਥਕ ਸੀ ਅਤੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਸੀ।

ਕੈਨੇਡੀਅਨ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦਾ 18 ਜੂਨ 2023 ਨੂੰ ਕਤਲ ਕਰ ਦਿੱਤਾ ਗਿਆ ਸੀ।

ਕੈਨੇਡੀਅਨ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦਾ 18 ਜੂਨ 2023 ਨੂੰ ਕਤਲ ਕਰ ਦਿੱਤਾ ਗਿਆ ਸੀ।

ਤਸਵੀਰ: (Ben Nelms/CBC)

18 ਜੂਨ 2023 ਨੂੰ ਨਿੱਝਰ ਨੂੰ ਗੁਰਦੂਆਰੇ ਦੇ ਪਾਰਕਿੰਗ ਲੌਟ ਵਿਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ।

ਨਿੱਝਰ ਭਾਰਤ ਵਿੱਚੋਂ ਇੱਕ ਸੁਤੰਤਰ ਸਿੱਖ ਦੇਸ਼ ਬਣਾਉਣ ਬਾਬਤ ਅਣਅਧਿਕਾਰਤ ਰਾਏਸ਼ੁਮਾਰੀਆਂ ਕਰਵਾਉਣ ਦਾ ਇੱਕ ਪ੍ਰਮੁੱਖ ਆਯੋਜਕ ਸੀ ਅਤੇ ਭਾਰਤ ਸਰਕਾਰ ਨੇ ਉਸਨੂੰ ਅੱਤਵਾਦੀ ਐਲਾਨਿਆ ਹੋਇਆ ਸੀ।

ਦ ਕੈਨੇਡੀਅਨ ਪ੍ਰੈਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ