1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਹਥਿਆਰਬੰਦ ਵਿਵਾਦ

ਹਮਾਸ ਅਨੁਸਾਰ ਉਸਨੇ ਕਤਰ ਅਤੇ ਮਿਸਰ ਵੱਲੋਂ ਪ੍ਰਸਤਾਵਿਤ ਜੰਗਬੰਦੀ ਸਮਝੌਤੇ ਨੂੰ ਸਵੀਕਾਰਿਆ

ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਾਸ ਮੁਖੀ ਨੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਮਿਸਰ ਦੀ ਖੁਫੀਆ ਏਜੰਸੀ ਨੂੰ ਫੈਸਲੇ ਦੀ ਜਾਣਕਾਰੀ ਦਿੱਤੀ ਹੈ

ਸੋਮਵਾਰ ਨੂੰ ਰਫ਼ਾਹ ਵਿਚ ਇਜ਼ਰਾਈਲੀ ਹਵਾਈ ਹਮਲੇ ਵਿਚ ਤਬਾਹ ਹੋਏ ਇੱਕ ਘਰ ਦੇ ਮਲਬੇ ਚੋਂ ਲਾਸ਼ਾਂ ਦੀ ਭਾਲ ਕਰਦੇ ਬਚਾਅ ਕਰਮੀ।

ਸੋਮਵਾਰ ਨੂੰ ਰਫ਼ਾਹ ਵਿਚ ਇਜ਼ਰਾਈਲੀ ਹਵਾਈ ਹਮਲੇ ਵਿਚ ਤਬਾਹ ਹੋਏ ਇੱਕ ਘਰ ਦੇ ਮਲਬੇ ਚੋਂ ਲਾਸ਼ਾਂ ਦੀ ਭਾਲ ਕਰਦੇ ਬਚਾਅ ਕਰਮੀ।

ਤਸਵੀਰ: Reuters / Mohammed Salem

RCI

ਇਜ਼ਰਾਈਲ ਦੁਆਰਾ ਫ਼ਲਸਤੀਨੀਆਂ ਨੂੰ ਦੱਖਣੀ ਸ਼ਹਿਰ ਰਫ਼ਾਹ ਨੂੰ ਖ਼ਾਲੀ ਕਰਨ ਦੇ ਆਦੇਸ਼ ਦੇ ਕੁਝ ਘੰਟਿਆਂ ਬਾਅਦ, ਸੋਮਵਾਰ ਨੂੰ ਹਮਾਸ ਨੇ ਐਲਾਨ ਕੀਤਾ ਕਿ ਉਸਨੇ ਗਾਜ਼ਾ ਵਿੱਚ ਇਜ਼ਰਾਈਲ ਦੇ ਨਾਲ ਸੱਤ ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਰੋਕਣ ਲਈ ਮਿਸਰ ਅਤੇ ਕਤਰ ਵੱਲੋਂ ਪ੍ਰਸਤਾਵਿਤ ਇੱਕ ਜੰਗਬੰਦੀ ਦੇ ਸਮਝੌਤੇ ਨੂੰ ਸਵੀਕਾਰ ਕਰ ਲਿਆ ਹੈ।

ਸਮਝੌਤੇ ‘ਤੇ ਇਜ਼ਰਾਈਲ ਤੋਂ ਕੋਈ ਤੁਰੰਤ ਟਿੱਪਣੀ ਨਹੀਂ ਆਈ, ਅਤੇ ਪ੍ਰਸਤਾਵ ਦੇ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ ਹਨ।

ਹਾਲ ਹੀ ਦੇ ਦਿਨਾਂ ਵਿੱਚ, ਮਿਸਰ ਅਤੇ ਹਮਾਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੰਗਬੰਦੀ ਕਈ ਪੜਾਵਾਂ ਵਿੱਚ ਹੋਵੇਗੀ ਜਿਸ ਦੌਰਾਨ ਹਮਾਸ ਗਾਜ਼ਾ ਤੋਂ ਇਜ਼ਰਾਈਲੀ ਫੌਜ ਦੀ ਵਾਪਸੀ ਦੇ ਬਦਲੇ ਵਿੱਚ ਬੰਧਕਾਂ ਨੂੰ ਰਿਹਾਅ ਕਰੇਗਾ।

ਇਹ ਸਪੱਸ਼ਟ ਨਹੀਂ ਹੈ ਕਿ ਇਹ ਸਮਝੌਤਾ ਹਮਾਸ ਦੀ ਜੰਗ ਨੂੰ ਖ਼ਤਮ ਕਰਨ ਦੀ ਅਤੇ ਇਜ਼ਰਾਈਲੀ ਦੀ ਮੁਕੰਮਲ ਵਾਪਸੀ ਦੀ ਮੁੱਖ ਮੰਗ ਨੂੰ ਪੂਰਾ ਕਰੇਗਾ ਜਾਂ ਨਹੀਂ।

ਹਮਾਸ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦੇ ਟੌਪ ਲੀਡਰ ਇਸਮਾਈਲ ਹਨੀਯੇਹ ਨੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਮਿਸਰ ਦੇ ਖੁਫੀਆ ਮੰਤਰੀ ਨੂੰ ਫੋਨ ਕਾਲ ‘ਤੇ ਇਹ ਖ਼ਬਰ ਦਿੱਤੀ ਸੀ। ਬਿਆਨ ਜਾਰੀ ਕਰਨ ਤੋਂ ਬਾਅਦ, ਰਫ਼ਾਹ ਦੇ ਆਲੇ ਦੁਆਲੇ ਲੱਗੇ ਤੰਬੂਆਂ ਵਿੱਚ ਮੌਜੂਦ ਫ਼ਲਸਤੀਨੀਆਂ ਵਿਚ ਇਸ ਉਮੀਦ ਵਿੱਚ ਖ਼ੁਸ਼ੀ ਨਜ਼ਰੀਂ ਪਈ, ਕਿ ਇਸ ਸਮਝੌਤੇ ਦਾ ਮਤਲਬ ਹੈ ਕਿ ਇਜ਼ਰਾਈਲੀ ਹਮਲਾ ਟਲ ਜਾਵੇਗਾ।

ਅਮਰੀਕਾ ਸਮੇਤ ਇਜ਼ਰਾਈਲ ਦੇ ਸਭ ਤੋਂ ਨਜ਼ਦੀਕੀ ਸਹਿਯੋਗੀਆਂ ਨੇ ਵਾਰ-ਵਾਰ ਕਿਹਾ ਹੈ ਕਿ ਇਜ਼ਰਾਈਲ ਨੂੰ ਰਫ਼ਾਹ 'ਤੇ ਹਮਲਾ ਨਹੀਂ ਕਰਨਾ ਚਾਹੀਦਾ। ਰਫ਼ਾਹ ਵਿਚ ਇਜ਼ਰਾਈਲ ਦੀ ਸੰਭਾਵੀ ਫ਼ੌਜੀ ਕਾਰਵਾਈ ਕਰਕੇ ਉੱਥੇ ਪਨਾਹ ਲੈ ਰਹੇ ਲਗਭਗ 1.4 ਮਿਲੀਅਨ ਫ਼ਲਸਤੀਨੀਆਂ ਦੇ ਭਵਿੱਖ ਨੂੰ ਲੈ ਕੇ ਵਿਸ਼ਵਵਿਆਪੀ ਚਿੰਤਾ ਪੈਦਾ ਹੋ ਗਈ ਹੈ।

ਸਹਾਇਤਾ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਰਫ਼ਾਹ ‘ਤੇ ਹਮਲਾ ਗਾਜ਼ਾ ਦੀ ਮਨੁੱਖਤਾਵਾਦੀ ਤਬਾਹੀ ਨੂੰ ਹੋਰ ਵਿਗਾੜ ਦੇਵੇਗਾ ਅਤੇ ਇਜ਼ਰਾਈਲੀ ਕਾਰਵਾਈ ਦੌਰਾਨ ਵਧੇਰੇ ਨਾਗਰਿਕ ਮੌਤਾਂ ਹੋਣਗੀਆਂ। ਸਥਾਨਕ ਸਿਹਤ ਮੰਤਰਾਲੇ ਦੇ ਅਨੁਸਾਰ, ਹੁਣ ਤੱਕ 34,000 ਤੋਂ ਵੱਧ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ।

ਗਾਜ਼ਾ ਵਿੱਚ ਯੁੱਧ 7 ਅਕਤੂਬਰ, 2023 ਨੂੰ ਹਮਾਸ ਲੜਾਕਿਆਂ ਦੁਆਰਾ ਇਜ਼ਰਾਈਲ ਵਿੱਚ ਕੀਤੇ ਗਏ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਵਿੱਚ ਇਜ਼ਰਾਈਲ ਅਨੁਸਾਰ 1,200 ਲੋਕ ਮਾਰੇ ਗਏ ਸਨ ਅਤੇ ਕਰੀਬ 250 ਲੋਕ ਬੰਧੀ ਬਣਾ ਲਏ ਗਏ ਸਨ। ਜਵਾਬ ਵਿਚ ਇਜ਼ਰਾਈਲ ਨੇ ਗਾਜ਼ਾ ਪੱਟੀ 'ਤੇ ਜ਼ਬਰਦਸਤ ਫੌਜੀ ਕਾਰਵਾਈ ਕੀਤੀ ਜਿਸ ਵਿਚ ਗਾਜ਼ਾ ਦੀ 2.3 ਮਿਲੀਅਨ ਆਬਾਦੀ ਚੋਂ 80 ਫ਼ੀਸਦੀ ਲੋਕ ਬੇਘਰ ਹੋ ਗਏ ਅਤੇ ਮਨੁੱਖਤਾਵਾਦੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਦ ਅਸੋਸੀਏਟੇਡ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ