1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਇਮੀਗ੍ਰੇਸ਼ਨ ਨਜ਼ਰਬੰਦੀ ਲਈ ਫ਼ੈਡਰਲ ਜੇਲ੍ਹਾਂ ਵਰਤਣ ਦੀ ਯੋਜਨਾ ਬਣਾ ਰਹੀ ਹੈ ਟ੍ਰੂਡੋ ਸਰਕਾਰ

ਮਾਰਕ ਮਿਲਰ ਨੇ ਕਿਹਾ ਕਿ ਨਜ਼ਰਬੰਦਾਂ ਨੂੰ ਵੱਖਰੀ ਰਿਹਾਇਸ਼ ਵਿਚ ਰੱਖਿਆ ਜਾਵੇਗਾ ਕਿਉਂਕਿ ਉਹ ਅਪਰਾਧੀ ਨਹੀਂ

ਐਡਮੰਟਨ ਵਿਚ ਸਥਿਤ ਇੱਕ ਫ਼ੈਡਰਲ ਜੇਲ੍ਹ ਦੀ ਤਸਵੀਰ।

ਐਡਮੰਟਨ ਵਿਚ ਸਥਿਤ ਇੱਕ ਫ਼ੈਡਰਲ ਜੇਲ੍ਹ ਦੀ ਤਸਵੀਰ। 2024 ਦੇ ਬਜਟ ਵਿੱਚ ਫੈਡਰਲ ਸਰਕਾਰ ਦਾ ਪ੍ਰਸਤਾਵ ਉਦੋਂ ਆਇਆ ਹੈ ਜਦੋਂ ਸੂਬਾ ਸਰਕਾਰਾਂ ਨੇ ਕਿਹਾ ਹੈ ਕਿ ਉਹ ਹੁਣ ਇਮੀਗ੍ਰੇਸ਼ਨ ਨਜ਼ਰਬੰਦਾਂ ਨੂੰ ਸੂਬਾਈ ਜੇਲ੍ਹਾਂ ਵਿੱਚ ਨਹੀਂ ਰੱਖਣਗੇ।

ਤਸਵੀਰ: (Nathan Gross/CBC)

RCI

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਰੇਡੀਓ-ਕੈਨੇਡਾ ਨੂੰ ਪੁਸ਼ਟੀ ਕੀਤੀ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਕਾਰਨਾਂ ਕਰਕੇ ਹਿਰਾਸਤ ਵਿਚ ਲਏ ਗਏ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਰੱਖਣ ਲਈ ਆਪਣੀਆਂ ਜੇਲ੍ਹਾਂ ਦੀ ਵਰਤੋਂ ਕਰੇਗੀ।

ਉਹਨਾਂ ਕਿਹਾ ਕਿ ਇਨ੍ਹਾਂ ਨਜ਼ਰਬੰਦਾਂ ਨੂੰ ਜੇਲ੍ਹ ਦੀ ਆਬਾਦੀ ਤੋਂ ਵੱਖ ਰੱਖਿਆ ਜਾਵੇਗਾ, ਪਰ ਇਹ ਦੋਵੇਂ ਸਮੂਹ ਸੇਵਾਵਾਂ ਸਾਂਝੀਆਂ ਕਰ ਸਕਦੇ ਹਨ।

ਸਰਕਾਰੀ ਪ੍ਰਸਤਾਵ ਬਾਰੇ ਰੇਡੀਓ-ਕੈਨੇਡਾ ਦੀ ਖ਼ਬਰ (ਨਵੀਂ ਵਿੰਡੋ) ਤੋਂ ਬਾਅਦ ਮਾਰਕ ਮਿਲਰ ਨੇ ਕਿਹਾ ਕਿ ਨਜ਼ਰਬੰਦਾਂ ਲਈ ਇਹ ਵੱਖਰੀ ਰਿਹਾਇਸ਼ ਹੋਵੇਗੀ ਅਤੇ ਜੇਲ੍ਹ ਦੀ ਇਹ ਆਮ ਆਬਾਦੀ ਵਿੱਚ ਨਹੀਂ ਹੋਵੇਗੀ, ਕਿਉਂਕਿ ਉਹ ਅਪਰਾਧੀ ਨਹੀਂ ਹਨ।

ਮੰਗਲਵਾਰ ਨੂੰ ਪੇਸ਼ ਫ਼ੈਡਰਲ ਬਜਟ ਅਨੁਸਾਰ ਟ੍ਰੂਡੋ ਸਰਕਾਰ ਹਾਈ-ਰਿਸਕ ਮੰਨੇ ਜਾਣ ਵਾਲੇ ਪਰਵਾਸੀਆਂ ਦੀ ਨਜ਼ਰਬੰਦੀ ਲਈ ਫ਼ੈਡਰਲ ਜੇਲ੍ਹਾਂ ਦੀ ਵਰਤੋਂ ਕਰਨਾ ਚਾਹੁੰਦੀ ਹੈ।

ਰੇਡੀਓ-ਕੈਨੇਡਾ ਦੀ ਬੁੱਧਵਾਰ ਦੀ ਖ਼ਬਰ ਅਨੁਸਾਰ, ਬਜਟ ਵਿਚ ਸ਼ਾਮਲ ਇਸ ਵਾਕ ਨੇ ਕੁਝ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਖ਼ਫ਼ਾ ਕੀਤਾ ਹੈ ਅਤੇ ਉਨ੍ਹਾਂ ਨੇ ਸਰਕਾਰ ਦੇ ਇਸ ਪਲਾਨ ਨੂੰ ਬਿਲਕੁਲ ਅਸਵੀਕਾਰਨਯੋਗ ਆਖਿਆ ਹੈ।

ਮਿਲਰ ਦੇ ਅਨੁਸਾਰ, ਇੱਕ ਤੋਂ ਬਾਅਦ ਇੱਕ ਸੂਬਾ ਸਰਕਾਰਾਂ ਦੁਆਰਾ ਇਹ ਸੰਕੇਤ ਦਿੱਤੇ ਜਾਣ ਤੋਂ ਬਾਅਦ ਕਿ ਉਹ ਫ਼ੈਡਰਲ ਸਰਕਾਰ ਦੀ ਤਰਫੋਂ ਪਰਵਾਸੀਆਂ ਨੂੰ ਆਪਣੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਨਹੀਂ ਕਰਨਗੇ, ਫ਼ੈਡਰਲ ਸਰਕਾਰ ਕੋਲ ਆਪਣੀਆਂ ਜੇਲ੍ਹਾਂ ਦੀ ਵਰਤੋਂ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ।

ਮਿਲਰ ਨੇ ਉਨ੍ਹਾਂ ਇਮੀਗ੍ਰੇਸ਼ਨ ਨਜ਼ਰਬੰਦਾਂ ਨੂੰ ਹਾਈ-ਰਿਸਕ ਵਾਲੇ ਦੱਸਿਆ ਜਿਹੜੇ ਅਕਸਰ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਅਤੇ ਦੇਸ਼ ਨਿਕਾਲੇ ਦੇ ਆਦੇਸ਼ਾਂ ਦਾ ਸਾਹਮਣਾ ਕਰਦੇ ਹਨ।

ਫ਼ੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ

ਫ਼ੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ

ਤਸਵੀਰ: (Spencer Colby/The Canadian Press)

ਉਨ੍ਹਾਂ ਕਿਹਾ ਕਿ ਸਰਕਾਰ ਨਜ਼ਰਬੰਦ ਕੀਤੇ ਜਾਣ ਵਾਲੇ ਲੋਕਾਂ ਦੀ ਇੱਜ਼ਤ ਅਤੇ ਮਾਣ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਕੈਨੇਡੀਅਨਜ਼ ਨੂੰ ਸੁਰੱਖਿਅਤ ਰੱਖਣ ਲਈ ਵੀ ਸਹੀ ਕਦਮ ਨੂੰ ਲਾਗੂ ਕਰਨਾ ਚਾਹੁੰਦੀ ਹੈ

ਫੈਡਰਲ ਸਰਕਾਰ ਕੋਲ ਪਹਿਲਾਂ ਹੀ ਟੋਰੌਂਟੋ, ਕਿਊਬੈਕ ਦੇ ਲਵੈਲ ਅਤੇ ਬੀਸੀ ਦੇ ਸਰੀ ਵਿਚ ਤਿੰਨ ਇਮੀਗ੍ਰੇਸ਼ਨ ਹੋਲਡਿੰਗ ਸੈਂਟਰ ਹਨ, ਜੋ ਨਜ਼ਰਬੰਦੀ ਕੇਂਦਰਾਂ ਵਜੋਂ ਵਰਤੇ ਜਾਂਦੇ ਹਨ।

ਪਰ ਮਿਲਰ ਨੇ ਕਿਹਾ ਕਿ ਪਰਵਾਸੀਆਂ ਦੀ ਸੰਭਾਵਿਤ ਗਿਣਤੀ ਨੂੰ ਦੇਖਦੇ ਹੋਏ, ਸਰਕਾਰ ਨੂੰ ਹੋਰ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਪੈਣਾ ਹੈ।

ਮਿਲਰ ਨੇ ਤਾਰੀਖ਼ਾਂ, ਰਿਹਾਇਸ਼ਾਂ ਦੀਆਂ ਕਿਸਮਾਂ ਜਾਂ ਇਮੀਗ੍ਰੇਸ਼ਨ ਨਜ਼ਰਬੰਦਾਂ ਨੂੰ ਰੱਖਣ ਵਾਲੀਆਂ ਫੈਡਰਲ ਜੇਲ੍ਹਾਂ ਬਾਰੇ ਕੋਈ ਵੇਰਵੇ ਨਹੀਂ ਦਿੱਤੇ।

ਪਰ CanadaBuys ਵੈੱਬਸਾਈਟ 'ਤੇ ਮਈ 2023 ਦਾ ਇਕਰਾਰਨਾਮਾ ਦਰਸਾਉਂਦਾ ਹੈ ਕਿ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ (CBSA) ਨੇ ਐਲਬਰਟਾ ਵਿੱਚ ਇੱਕ ਫ਼ੈਡਰਲ ਜੇਲ੍ਹ, ਬੋਡਨ ਇੰਸਟੀਟਿਊਟ ਵਿੱਖੇ ਪਰਵਾਸੀਆਂ ਨੂੰ ਨਜ਼ਰਬੰਦ ਕਰਨ ਲਈ ਟ੍ਰੇਲਰ ਲਗਾਉਣ ਦੀ ਯੋਜਨਾ ਬਣਾਈ ਹੈ।

ਪਿਛਲੇ ਮਹੀਨੇ ਇਹਨਾਂ ਇਕਰਾਰਨਾਮਿਆਂ ਬਾਰੇ ਰੇਡੀਓ-ਕੈਨੇਡਾ ਦੇ ਸਵਾਲਾਂ ਦੇ ਜਵਾਬ ਵਿੱਚ, CBSA ਨੇ ਕਿਹਾ ਕਿ ਉਸਨੇ ਇਸ ਪ੍ਰੋਜੈਕਟ ਨੂੰ ਖਤਮ ਕਰ ਦਿੱਤਾ ਹੈ।

ਫੈਡਰਲ ਏਜੰਸੀ ਨੇ ਕਿਹਾ ਕਿ ਉਹ ਮੁੱਖ ਤੌਰ 'ਤੇ ਸੂਬਿਆਂ ਵੱਲੋਂ ਇਮੀਗ੍ਰੇਸ਼ਨ ਨਜ਼ਰਬੰਦੀ 'ਤੇ ਪਿੱਛੇ ਹਰਣ ਕਰਕੇ ਆਪਣੇ ਹੋਲਡਿੰਗ ਸੈਂਟਰਾਂ ਵੱਲ ਮੁੜ ਰਹੀ ਹੈ।

ਬ੍ਰਿਜਿਟ ਬਿਊਰੋ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ