1. ਮੁੱਖ ਪੰਨਾ
  2. ਅਰਥ-ਵਿਵਸਥਾ

30 ਸਾਲ ਦੀ ਮੌਰਗੇਜ ਦੇ ਫ਼ਾਇਦੇ ਅਤੇ ਨੁਕਸਾਨ !

ਫ਼ੈਡਰਲ ਸਰਕਾਰ ਨੇ ਹਾਲ ਹੀ ਵਿਚ ਮੌਰਗੇਜ ਉਤਾਰਤਨ ਲਈ 30 ਸਾਲ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ

ਫ਼ੈਡਰਲ ਸਰਕਾਰ ਪਹਿਲੀ-ਵਾਰੀ ਘਰ ਖ਼ਰੀਦਣ ਵਾਲਿਆਂ ਵਾਸਤੇ ਨਵੇਂ ਘਰਾਂ ਦੀ ਖ਼ਰੀਦ ‘ਤੇ ਮੌਰਗੇਜ ਕਰਜ਼ਾ ਉਤਾਰਣ ਦੀ ਮਿਆਦ (amortization period) 30 ਸਾਲ ਕਰ ਰਹੀ ਹੈ।

ਫ਼ੈਡਰਲ ਸਰਕਾਰ ਪਹਿਲੀ-ਵਾਰੀ ਘਰ ਖ਼ਰੀਦਣ ਵਾਲਿਆਂ ਵਾਸਤੇ ਨਵੇਂ ਘਰਾਂ ਦੀ ਖ਼ਰੀਦ ‘ਤੇ ਮੌਰਗੇਜ ਕਰਜ਼ਾ ਉਤਾਰਣ ਦੀ ਮਿਆਦ (amortization period) 30 ਸਾਲ ਕਰ ਰਹੀ ਹੈ।

ਤਸਵੀਰ:  (Luke MacGregor/Reuters)

RCI

ਸਰਕਾਰ ਨੇ ਪਹਿਲੀ ਵਾਰੀ ਘਰ ਖ਼ਰੀਦਣ ਵਾਲਿਆਂ ਵਾਸਤੇ ਇੱਕ ਚੰਗੀ ਖ਼ਬਰ ਦਾ ਐਲਾਨ ਕੀਤਾ ਹੈ। ਹੁਣ ਨਵੇਂ ਬਣੇ ਘਰ ਖ਼ਰੀਦਣ ‘ਤੇ ਫ਼ਸਟ ਟਾਈਮ ਹੋਮ ਬਾਇਰਜ਼ ਨੂੰ ਮੌਰਗੇਜ ਕਰਜ਼ਾ ਉਤਾਰਨ ਲਈ 25 ਸਾਲ ਦੀ ਬਜਾਏ 30 ਸਾਲ ਦੀ ਮਿਆਦ ਦਿੱਤੀ ਜਾਵੇਗੀ।

ਪਰ ਕੀ ਇਹ ਸਚਮੁਚ ਇਹ ਚੰਗੀ ਖ਼ਬਰ ਹੈ। ਆਓ ਜਾਣਦੇ ਹਾਂ ਕਿ ਇਸਦੇ ਕੀ ਫ਼ਾਇਦੇ ਹਨ ਅਤੇ ਕੀ ਨੁਕਸਾਨ ਹਨ।

ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ।

ਫ਼ਰਜ਼ ਕਰੋ ਕਿ ਤੁਸੀਂ 500,000 ਲੱਖ ਡਾਲਰ ਦਾ ਘਰ ਲੈ ਰਹੇ ਹੋ। ਮੌਜੂਦਾ ਨਿਯਮਾਂ ਦੇ ਅਨੁਸਾਰ ਜੇ ਘਰ ਖ਼ਰੀਦਣ ਸਮੇਂ ਡਾਊਨ ਪੇਮੈਂਟ ਘਰ ਦੀ ਕੀਮਤ ਦੇ 20% ਤੋਂ ਘੱਟ ਹੁੰਦੀ ਹੈ, ਤਾਂ ਖ਼ਰੀਦਾਰ ਨੂੰ ਮੌਰਗੇਜ ਕਰਜ਼ਾ 25 ਸਾਲ ਦੇ ਅੰਦਰ ਬਰਾਬਰ ਮਹੀਨਾਵਾਰ ਕਿਸ਼ਤਾਂ ਵਿਚ ਉਤਾਰਨਾ ਹੁੰਦਾ ਹੈ।

ਯਾਨੀ ਕਿ ਪੰਜ ਲੱਖ ਦਾ ਘਰ ਖ਼ਰੀਦਣ ਲਈ 100,000 ਲੱਖ ਡਾਲਰ ਦੀ ਡਾਊਨ ਪੇਮੈਂਟ ਦੀ ਲੋੜ ਹੋਵੇਗੀ ਜੇ ਕਰਜ਼ਾ ਉਤਾਰਨ ਦੀ ਮਿਆਨ (amortization) 30 ਸਾਲ ਕਰਨਾ ਹੈ। ਪਰ ਇੰਨੀ ਰਾਸ਼ੀ ਆਮ ਤੌਰ ‘ਤੇ ਇੱਕ ਸਧਾਰਨ ਬੰਦੇ ਦੇ ਖਾਤੇ ਵਿਚ ਨਾ ਹੋਣ ‘ਤੇ ਡਾਊਨ ਪੇਮੈਂਟ ਘਟ ਹੋਵੇਗੀ ਜਿਸ ਕਰਕੇ ਅਮੋਰਟਾਈਜ਼ੇਸ਼ਨ ਪੀਰੀਅਡ 25 ਸਾਲ ਹੁੰਦਾ ਹੈ।

ਮੰਨ ਲਓ ਡਾਊਨ ਪੇਮੈਂਟ 5% ਕੀਤੀ, ਜੋਕਿ 25,000 ਡਾਲਰ ਬਣਦਾ ਹੈ। ਯਾਨੀ ਕਿ ਮੌਰਗੇਜ 475,000 ਡਾਲਰ ਦੀ ਹੋਵੇਗੀ, ਪਰ ਇਸ ਨਾਲ ਮੌਰਗੇਜ ਦਾ ਬੀਮਾ ਵੀ ਲੈਣਾ ਪੈਣਾ ਹੈ, ਜੋ ਕਿ ਮੌਰਗੇਜ ਰਕਮ ਦੇ 4% ਦੇ ਅਧਾਰ ’ਤੇ 19 ਹਜ਼ਾਰ ਡਾਲਰ ਬਣਦਾ ਹੈ। ਇਹ 19,000 ਡਾਲਰ ਮੌਰਗੇਜ ਰਾਸ਼ੀ ਵਿਚ ਜੋੜ ਕੇ ਅਦਾ ਕਰਨਾ ਪੈਣਾ ਹੈ। ਯਾਨੀ ਕੁਲ ਮਿਲਾ ਕੇ 494,000 ਦਾ ਲੋਨ ਹੈ।

ਹੁਣ ਆਉਂਦੀ ਹੀ ਵਿਆਜ ਦਰ। ਜੇ 5% (APR) ‘ਤੇ ਲੋਨ ਮਿਲਦਾ ਹੈ ਅਤੇ 25 ਸਾਲ ਇਸਦੀ ਅਮੋਰਟਾਈਜ਼ੇਸ਼ਨ ਹੈ, ਤਾਂ ਮਹੀਨਾਵਾਰ ਕਿਸ਼ਤ 2873.13 ਡਾਲਰ ਬਣਦੀ ਹੈ। ਪਰ ਜੇ ਇਸੇ ਮਿਆਦ ਨੂੰ 30 ਸਾਲ ਕਰ ਦਈਏ ਤਾਂ ਮਹੀਨਾਵਾਰ ਕਿਸ਼ਤ 2636.43 ਡਾਲਰ ‘ਤੇ ਆ ਜਾਂਦੀ ਹੈ। ਮੋਟੇ ਤੌਰ 'ਤੇ ਮਹੀਨੇ ਦੇ 250 ਡਾਲਰ ਘੱਟ ਦੇਣੇ ਪੈ ਰਹੇ ਹਨ।

ਪਰ ਮੌਰਗੇਜ ਊਤਾਰਨ ਵੇਲੇ ਖ਼ਰੀਦਦਾਰ ਇਕੱਲਾ ਮੂਲ ਹੀ ਨਹੀਂ ਅਦਾ ਕਰ ਰਿਹਾ ਹੁੰਦਾ ਸਗੋਂ ਇੱਕ ਵੱਡੀ ਰਕਮ ਸੂਦ ਵਿਚ ਵੀ ਜਾਂਦੀ ਹੈ। ਜੇ ਉੱਪਰ ਲਿਖੀ ਉਦਾਹਰਣ ਵਿਚ ਦੇਖੀਏ ਤਾਂ 494,000 ਡਾਲਰ ਦੀ 25 ਸਾਲ ਦੀ ਮੌਰਗੇਜ ਦਰਅਸਲ 861,938.59 ਡਾਲਰ ਵਿਚ ਪੈਂਦੀ ਹੈ, ਯਾਨੀ 367,938.59 ਡਾਲਰ ਸਿਰਫ਼ ਵਿਆਜ ਵਿਚ ਚਲੇ ਗਏ।

ਹੁਣ ਜੇ ਇਸਨੂੰ 30 ਸਾਲ ਕਰ ਦਈਏ ਯਾਨੀ ਪੰਜ ਸਾਲ ਹੋਰ ਖਿੱਚ ਲਈਏ ਤਾਂ ਲੋਨ ਦੀ ਕੁਲ ਲਾਗਤ 949,115.50 ‘ਤੇ ਆ ਜਾਂਦੀ ਹੈ, ਯਾਨੀ ਸਿਰਫ਼ ਵਿਆਜ ਵਿਚ ਹੀ 455,115.50 ਡਾਲਰ ਦੀ ਦੇਣਦਾਰੀ ਬਣ ਜਾਂਦੀ ਹੈ, ਜੋ ਕਿ 25 ਸਾਲ ਦੀ ਮੌਰਗੇਜ ਨਾਲੋਂ ਤਕਰੀਬਨ 90,000 ਡਾਲਰ ਦਾ ਵਾਧੂ ਭੁਗਤਾਨ ਹੈ।

ਇਸ ਕਰਕੇ ਮੌਰਗੇਜ ਉਤਾਰਨ ਦੀ ਮਿਆਦ ਵਧਣ ਨਾਲ ਮਹੀਨਾਵਾਰ ਕਿਸ਼ਤ ਤਾਂ ਘਟ ਜਾਂਦੀ ਹੈ, ਪਰ ਦੇਣਦਾਰੀ ਵਧ ਜਾਂਦੀ ਹੈ ਅਤੇ ਵਧੇਰੇ ਕਰਜ਼ਾ ਉਤਾਰਨਾ ਪੈਂਦਾ ਹੈ।

ਦੂਸਰੇ ਪਾਸੇ ਕੁਝ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਘਰਾਂ ਦੀ ਕੀਮਤਾਂ ਵੀ ਵਧ ਸਕਦੀਆਂ ਹਨ, ਕਿਉਂਕਿ ਜਦੋਂ ਲੋਕਾਂ ਕੋਲ ਵਧੇਰੇ ਖ਼ਰੀਦ ਸ਼ਕਤੀ ਹੋਵੇਗੀ ਤਾਂ ਮਾਰਕੀਟ ਵਿਚ ਖ਼ਰੀਦਦਾਰ ਵਧ ਜਾਣਗੇ ਅਤੇ ਇਸਦਾ ਘਰਾਂ ਦੀਆਂ ਕੀਮਤਾਂ ’ਤੇ ਵੀ ਪ੍ਰਭਾਵ ਪਵੇਗਾ।

ਕੈਨੇਡਾ ਵਿਚ ਪਹਿਲਾਂ 30 ਸਾਲ ਦੀ ਮੌਰਗੇਜ ਹੁੰਦੀ ਸੀ, ਪਰ 2012 ਵਿਚ ਸਰਕਾਰ ਨੇ ਇਸਨੂੰ 25 ਸਾਲ ਕਰ ਦਿੱਤਾ ਸੀ। ਅਮਰੀਕਾ ਵਿਚ ਅਜੇ ਵੀ 30 ਸਾਲ ਦੀ ਮੌਰਗੇਜ ਆਮ ਹੈ।

ਕੁਝ ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮਿਆਂ ਵਿਚ ਇਸ ਕਦਮ ਦੀ ਲੋੜ ਸੀ। ਭਾਵੇਂ ਇਹ ਇੱਕ ਦੋ ਧਾਰੀ ਤਲਵਾਰ ਹੈ, ਪਰ ਉੱਚੀਆਂ ਵਿਆਜ ਦਰਾਂ ਅਤੇ ਮਹਿੰਗਾਈ ਕਰਕੇ ਨੌਜਵਾਨ ਕੈਨੇਡੀਅਨਜ਼ ਹਾਊਸਿੰਗ ਮਾਰਕੀਟ ਵਿਚ ਦਾਖ਼ਲ ਨਹੀਂ ਹੋ ਪਾ ਰਹੇ।

ਲੰਬੇ ਅਮੋਰਟਾਈਜ਼ੇਸ਼ਨ ਦੇ ਫ਼ਾਇਦੇ ਇਹ ਨੇ ਕਿ ਇੱਕ ਤਾਂ ਨੌਜਵਾਨ ਕੈਨੇਡੀਅਨਜ਼ ਲਈ ਘਰ ਖ਼ਰੀਦਣ ਦਾ ਰਾਹ ਪੱਧਰਾ ਹੁੰਦਾ ਹੈ, ਮਹੀਨਾਵਾਰ ਕਿਸ਼ਤ ਘਟਦੀ ਹੈ;  ਦੂਸਰਾ, ਨੌਜਵਾਨ ਲੋਕਾਂ ਜਿਨ੍ਹਾਂ ਕੋਲ ਲੋਨ ਉਤਾਰਨ ਲਈ ਮੁਕਾਬਲਾਤਨ ਅੱਗੇ ਪੂਰੀ ਜ਼ਿੰਦਗੀ ਪਈ ਹੈ, ਲੰਬੀ ਮਿਆਦ ਸਮਝ ਚ ਆਉਣ ਵਾਲੀ ਗੱਲ ਹੈ।

ਪਰ ਕੈਨੇਡਾ ਵਿਚ ਹਾਊਸਿੰਗ ਦੀ ਸਮੱਸਿਆ ਦੀ ਜੜ ਦਰਅਸਲ ਘਰਾਂ ਦੀ ਸਪਲਾਈ ਦੀ ਘਾਟ ਹੈ। ਇਸ ਕਰਕੇ ਕੁਝ ਮਾਹਰਾਂ ਦਾ ਨਜ਼ਰੀਆ ਹੈ ਕਿ ਲੋਕਾਂ ਨੂੰ ਵਧੇਰੇ ਕਰਜ਼ਈ ਹੋਣ ਦੀ ਆਗਿਆ ਦੇਣਾ ਅਸਲ ਮਸਲੇ ਦਾ ਹੱਲ ਨਹੀਂ ਕਰੇਗਾ।

ਦੇਖੋ: ਕੀ ਮੈਨੂੰ 30 ਸਾਲ ਦੀ ਮੌਰਗੇਜ ਲੈਣੀ ਚਾਹੀਦੀ ਹੈ?

ਐਂਡਰੂ ਚੈਂਗ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ