1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ 24 ਮਈ ਨੂੰ

ਛੇ ਸਾਲ ਪਹਿਲਾਂ ਹੋਇਆ ਸੀ ਹਾਦਸਾ

ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੰਘ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ ਅਗਲੇ ਮਹੀਨੇ ਲਈ ਤੈਅ ਹੋਈ ਹੈ।

ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੰਘ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ ਅਗਲੇ ਮਹੀਨੇ ਲਈ ਤੈਅ ਹੋਈ ਹੈ।

ਤਸਵੀਰ: (Kayle Neis/The Canadian Press)

RCI

ਛੇ ਸਾਲ ਪਹਿਲਾਂ ਘਾਤਕ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਦਾ ਕਾਰਨ ਬਣਨ ਵਾਲੇ ਟਰੱਕ ਡਰਾਈਵਰ ਲਈ ਡਿਪੋਰਟੇਸ਼ਨ (ਦੇਸ਼ ਨਿਕਾਲੇ) ਦੀ ਸੁਣਵਾਈ ਅਗਲੇ ਮਹੀਨੇ ਲਈ ਤੈਅ ਕੀਤੀ ਗਈ ਹੈ।

ਵਕੀਲ ਮਾਈਕਲ ਗ੍ਰੀਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਜਸਕੀਰਤ ਸਿੰਘ ਸਿੱਧੂ ਦੀ ਸੁਣਵਾਈ 24 ਮਈ ਨੂੰ ਹੋਣੀ ਹੈ।

ਗ੍ਰੀਨ ਨੇ ਇੱਕ ਇੰਟਰਵਿਊ ਵਿੱਚ ਕਿਹਾ, ਇਹ ਹੋਣਾ ਹੀ ਸੀ। ਮੇਰਾ ਮਤਲਬ ਹੈ, (ਇਮੀਗ੍ਰੇਸ਼ਨ) ਮੰਤਰੀ ਹਮੇਸ਼ਾ ਇਸ ਨਾਲ ਅੱਗੇ ਨਾ ਵਧਣ ਦਾ ਫੈਸਲਾ ਕਰ ਸਕਦੇ ਸਨ, ਪਰ ਹੁਣ ਇਸ ਬਿੰਦੂ ‘ਤੇ ਅਜਿਹਾ ਹੁੰਦਾ ਨਹੀਂ ਲੱਗਦਾ

ਲੜਨ ਲਈ ਕੁਝ ਨਹੀਂ ਹੈ। ਜਾਂ ਤਾਂ ਤੁਹਾਨੂੰ ਦੋਸ਼ੀ ਠਹਿਰਾਇਆ ਗਿਆ ਹੈ ਜਾਂ ਨਹੀਂ। ਉਨ੍ਹਾਂ ਨੂੰ ਸਿਰਫ਼ ਇਹ ਸਥਾਪਿਤ ਕਰਨਾ ਹੈ ਕਿ ਉਹ ਨਾਗਰਿਕ ਨਹੀਂ ਹੈ ਅਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ

ਜਸਕੀਰਤ ਸਿੱਧੂ ਨੂੰ ਸਸਕੈਚਵਨ ਵਿੱਚ 2018 ਦੇ ਬ੍ਰੌਂਕੋਸ ਬੱਸ ਹਾਦਸੇ ਦਾ ਕਾਰਨ ਬਣਨ ਲਈ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਹਾਦਸੇ ਵਿੱਚ 16 ਲੋਕ ਮਾਰੇ ਗਏ ਸਨ ਅਤੇ 13 ਹੋਰ ਜ਼ਖਮੀ ਹੋਏ ਸਨ। ਉਸਨੇ ਖ਼ਤਰਨਾਕ ਡਰਾਈਵਿੰਗ ਦੇ ਦੋਸ਼ਾਂ ਵਿਚ ਇਕਬਾਲ-ਏ-ਜੁਰਮ ਕੀਤਾ ਸੀ।

ਹੰਬੋਲਟ ਬ੍ਰੌਂਕੋਸ ਬੱਸ ਹਾਦਸਾ ਸਸਕੈਚਵਨ ਦੇ ਪੇਂਡੂ ਇਲਾਕੇ ਟਿਸਡੇਲ ਵਿਚ ਹੋਇਆ ਸੀ। ਨਵਾਂ ਵਿਆਹਿਆ ਪਰਮਾਨੈਂਟ ਰੈਜ਼ੀਡੈਂਟ ਜਸਕੀਰਤ ਸਿੱਧੂ ਟਰੱਕ ਚਲਾ ਰਿਹਾ ਸੀ ਅਤੇ ਇੰਟਰਸੈਕਸ਼ਨ ‘ਤੇ ਬਣੇ ਸਟੌਪ ਸਾਈਨ ‘ਤੇ ਨਹੀਂ ਰੁਕਿਆ ਤੇ ਸਿੱਧਾ ਇੱਕ ਬੱਸ ਨਾਲ ਟਕਰਾ ਗਿਆ। ਇਹ ਬੱਸ ਹੰਬੋਲਟ ਬ੍ਰੌਂਕੋਸ ਦੀ ਜੂਨੀਅਰ ਹਾਕੀ ਟੀਮ ਨੂੰ ਲਿਜਾ ਰਹੀ ਸੀ।

ਜਸਕੀਰਤ ਨੂੰ ਪਿਛਲੇ ਸਾਲ ਪੂਰੀ ਪੈਰੋਲ ਮਿਲ ਗਈ ਸੀ।

ਦਸੰਬਰ ਵਿੱਚ, ਫੈਡਰਲ ਕੋਰਟ ਨੇ ਜਸਕੀਰਤ ਦੇ ਵਕੀਲ ਵੱਲੋਂ ਪਾਈ ਡਿਪੋਰਟੇਸ਼ਨ ਖ਼ਿਲਾਫ਼ ਅਪੀਲ ਖ਼ਾਰਜ ਕਰ ਦਿੱਤੀ ਸੀ। ਜਸਕੀਰਤ ਦੇ ਵਕੀਲ ਨੇ ਸਤੰਬਰ ਵਿੱਚ ਅਦਾਲਤ ਵਿਚ ਦਲੀਲ ਦਿੱਤੀ ਸੀ ਕਿ ਕੈਨੇਡਾ ਬਾਰਡਰ ਸਰਵਿਸੇਜ਼ ਦੇ ਅਧਿਕਾਰੀਆਂ ਨੇ ਜਸਕੀਰਤ ਦੇ ਪਿਛਲੇ ਸਾਫ਼ ਅਪਰਾਧਿਕ ਰਿਕਾਰਡ ਅਤੇ ਇਸ ਹਾਦਸੇ ਪ੍ਰਤੀ ਉਸਦੇ ਪਛਤਾਵੇ ਨੂੰ ਵਿਚਾਰ ਅਧੀਨ ਨਹੀਂ ਕੀਤਾ ਸੀ। ਵਕੀਲ ਨੇ ਕਿਹਾ ਸੀ ਕਿ ਬਾਰਡਰ ਏਜੰਸੀ ਨੂੰ ਇਸ ਕੇਸ ਦੀ ਦੁਬਾਰਾ ਸਮੀਖਿਆ ਕਰਨ ਦਾ ਹੁਕਮ ਦਿੱਤਾ ਜਾਵੇ।

ਗ੍ਰੀਨ ਨੇ ਕਿਹਾ ਕਿ ਦੇਸ਼ ਨਿਕਾਲੇ ਦੀ ਸੁਣਵਾਈ ਵਿੱਚ ਆਮ ਤੌਰ 'ਤੇ ਸਿਰਫ ਕੁਝ ਮਿੰਟ ਲੱਗਦੇ ਹਨ। ਉਸ ਤੋਂ ਬਾਅਦ ਅਸਲ ਕੰਮ ਸ਼ੁਰੂ ਹੁੰਦਾ ਹੈ।

ਗ੍ਰੀਨ ਨੇ ਕਿਹਾ, ਜਿਵੇਂ ਹੀ ਉਹ ਪਰਮਾਨੈਂਟ ਰੈਜ਼ੀਡੈਂਟ ਨਹੀਂ ਰਹੇਗਾ, ਤਾਂ ਉਹ ਮਨੁੱਖੀ ਆਧਾਰ 'ਤੇ ਅਰਜ਼ੀ ਦਾਇਰ ਕਰ ਸਕਦਾ ਹੈ। ਸਾਡਾ ਟੀਚਾ ਇਸ ਸਭ ਨੂੰ ਕਾਫ਼ੀ ਤੇਜ਼ੀ ਨਾਲ ਕਰਨਾ ਹੈ

ਇਸ ਤੋਂ ਬਾਅਦ ਕਿੰਨਾ ਸਮਾਂ ਲੱਗਦਾ ਹੈ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਮਹੀਨੇ ਵੀ ਲੱਗ ਸਕਦੇ ਹਨ, ਕਈ ਸਾਲ ਵੀ ਲੱਗ ਸਕਦੇ ਹਨ

ਗ੍ਰੀਨ ਨੇ ਕਿਹਾ ਕਿ ਇੱਕ ਵਾਰ ਜਦੋਂ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣ ਦਾ ਆਦੇਸ਼ ਦਿੱਤਾ ਜਾਂਦਾ ਹੈ, ਤਾਂ ਇੱਕ ਪ੍ਰੀ-ਰਿਮੂਵਲ ਰਿਸਕ ਅਸੈਸਮੈਂਟ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਆਮ ਤੌਰ 'ਤੇ ਕੁਝ ਮਹੀਨੇ ਲੱਗਦੇ ਹਨ। ਉਨ੍ਹਾਂ ਕਿਹਾ ਕਿ ਜਸਕੀਰਤ ਪਰਮਾਨੈਂਟ ਰੈਜ਼ੀਡੈਂਸੀ ਦਾ ਦਰਜਾ ਦਿੱਤੇ ਜਾਣ ਦੀ ਬੇਨਤੀ ਦੇ ਅਧਾਰ ‘ਤੇ ਦੇਸ਼ ਨਿਕਾਲੇ ਨੂੰ ਮੁਲਤਵੀ ਕਰਨ ਲਈ ਆਖ ਸਕਦਾ ਹੈ।

ਇਨਸਾਫ਼ ਦੇ ਪਹੀਏ ਕਈ ਵਾਰ ਹੌਲੀ-ਹੌਲੀ ਚਲਦੇ ਹਨ। ਇਹ ਛੇ ਸਾਲ ਤੋਂ ਚਲ ਰਿਹਾ ਹੈ

ਅਸੀਂ ਸਾਵਧਾਨੀ ਨਾਲ ਆਸ਼ਾਵਾਦੀ ਹਾਂ। ਤੁਸੀਂ ਦੋਸ਼ੀ ਪਾਏ ਜਾਣ ਅਤੇ ਹੋਏ ਨੁਕਸਾਨ ਦੀ ਸੱਚਾਈ ਨੂੰ ਮਿਟਾ ਨਹੀਂ ਸਕਦੇ

ਪਰ ਉਸ ਬਾਰੇ ਬਾਕੀ ਸਭ ਕੁਝ ਸਕਾਰਾਤਮਕ ਹੈ ਅਤੇ ਭਾਈਚਾਰੇ ਦਾ ਵੀ ਕਾਫ਼ੀ ਸਮਰਥਨ ਹੈ, ਹਾਲਾਂਕਿ ਕੁਝ ਲੋਕ ਅਜਿਹੇ ਹਨ ਜੋ ਕਦੇ ਮਾਫ਼ ਨਹੀਂ ਕਰ ਸਕਦੇ ਅਤੇ ਨਾ ਹੀ ਕਰਨਗੇ

ਬਿਲ ਗ੍ਰੇਵਲੈਂਡ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ