1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਫ਼ਸਟ ਨੇਸ਼ਨਜ਼ ਮੂਲਨਿਵਾਸੀ ਬੱਚਿਆਂ ਲਈ ਮੁਆਵਜ਼ੇ ਬਾਰੇ 23 ਬਿਲੀਅਨ ਡਾਲਰ ਦਾ ਇਤਿਹਾਸਕ ਸਮਝੌਤਾ ਮਨਜ਼ੂਰ

ਕੈਨੇਡੀਅਨ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਸੈਟਲਮੈਂਟ ਹੈ

ਫੈਡਰਲ ਸਰਕਾਰ ਦੇ ਖਿਲਾਫ ਕਲਾਸ ਐਕਸ਼ਨ ਮੁਕੱਦਮਾ ਮੁੱਖ ਤੌਰ 'ਤੇ ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਦੇ ਫੈਸਲੇ 'ਤੇ ਆਧਾਰਿਤ ਸੀ ਜਿਸ ਨੇ ਪਾਇਆ ਸੀ ਕਿ ਫਸਟ ਨੇਸ਼ਨਜ਼ ਦੇ ਬੱਚਿਆਂ ਅਤੇ ਪਰਿਵਾਰਾਂ ਨਾਲ ਵਿਤਕਰਾ ਹੋਇਆ ਸੀ।

ਫੈਡਰਲ ਸਰਕਾਰ ਦੇ ਖਿਲਾਫ ਕਲਾਸ ਐਕਸ਼ਨ ਮੁਕੱਦਮਾ ਮੁੱਖ ਤੌਰ 'ਤੇ ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਦੇ ਫੈਸਲੇ 'ਤੇ ਆਧਾਰਿਤ ਸੀ ਜਿਸ ਨੇ ਪਾਇਆ ਸੀ ਕਿ ਫਸਟ ਨੇਸ਼ਨਜ਼ ਦੇ ਬੱਚਿਆਂ ਅਤੇ ਪਰਿਵਾਰਾਂ ਨਾਲ ਵਿਤਕਰਾ ਹੋਇਆ ਸੀ।

ਤਸਵੀਰ: (Chad Hipolito/Canadian Press)

RCI

ਫ਼ੈਡਰਲ ਕੋਰਟ ਨੇ ਫ਼ਸਟ ਨੇਸ਼ਨਜ਼ ਮੂਲਨਿਵਾਸੀ ਬੱਚਿਆਂ ਅਤੇ ਪਰਿਵਾਰਾਂ ਲਈ 23 ਬਿਲੀਅਨ ਡਾਲਰ ਦੇ ਸੈਟਲਮੈਂਟ ਸਮਝੌਤੇ ਨੂੰ ਮਨਜ਼ੂਰ ਕਰ ਦਿੱਤਾ ਹੈ।

ਕੈਨੇਡੀਅਨ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਸੈਟਲਮੈਂਟ ਹੈ। ਫ਼ੈਡਰਲ ਸਰਕਾਰ ਵੱਲੋਂ ਮੂਲਨਿਵਾਸੀ ਰਿਜ਼ਰਵ ਇਲਾਕਿਆਂ ਵਿਚ ਮੌਜੂਦ ਬਾਲ ਕੇਂਦਰ ਪ੍ਰਣਾਲੀ ਅਤੇ ਹੋਰ ਪਰਿਵਾਰਕ ਸੇਵਾਵਾਂ ਵਿਚ ਲੰਬੇ ਸਮੇਂ ਤੋਂ ਘੱਟ ਫ਼ੰਡਿੰਗ ਦੀ ਭਰਪਾਈ ਲਈ ਇਹ ਫ਼ੰਡਿੰਗ ਦਿੱਤੀ ਜਾਵੇਗੀ।

ਗ਼ੌਰਤਲਬ ਹੈ ਕਿ ਸਤੰਬਰ 2019 ਵਿਚ ਕੈਨੇਡਾ ਹਿਊਮਨ ਰਾਇਟਸ ਟ੍ਰਿਬਿਊਨਲ ਨੇ ਫ਼ੈਸਲਾ ਸੁਣਾਇਆ ਸੀ ਕਿ ਫ਼ੈਡਰਲ ਸਰਕਾਰ ਨੇ ਚਾਇਲਡ ਅਤੇ ਫ਼ੈਮਿਲੀ ਸਰਵਿਸੇਜ਼ ਵਿਚ ਸਹੀ ਤਰੀਕੇ ਨਾਲ ਫ਼ੰਡਿਗ ਨਹੀਂ ਕੀਤੀ ਜਿਸ ਦੇ ਨਤੀਜੇ ਵੱਜੋਂ ਅਣਜਾਣੇ ਅਤੇ ਅਣਗਹਿਲੀ ਕਾਰਨ ਰਿਜ਼ਰਵ ਇਲਾਕਿਆਂ ਵਿਚ ਰਹਿਣ ਵਾਲੇ ਫ਼ਸਟ ਨੇਸ਼ਨਜ਼ (ਮੂਲਨਿਵਾਸੀ ਭਾਈਚਾਰਾ) ਬੱਚਿਆਂ ਨਾਲ ਪੱਖਪਾਤ ਹੋਇਆ ਹੈ।

ਹਿਊਮਨ ਰਾਇਟਸ ਟ੍ਰਿਬਿਊਨਲ ਨੇ ਫ਼ੈਡਰਲ ਸਰਕਾਰ ਨੂੰ ਫ਼ਸਟ ਨੇਸ਼ਨਜ਼ ਦੇ ਤਕਰੀਬਨ 50,000 ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ, ਪ੍ਰਤੀ ਬੱਚਾ 40,000 ਡਾਲਰ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਸਨ।

ਸਰਕਾਰ ਨੇ ਇਸ ਆਦੇਸ਼ ਖ਼ਿਲਾਫ਼ ਲੜਾਈ ਕੀਤੀ ਪਰ ਅਖ਼ੀਰ ਦੋ ਕਲਾਸ ਐਕਸ਼ਨ ਮੁਕੱਦਮਿਆਂ ਦਾ ਸਾਹਮਣਾ ਕਰਨ ਤੋਂ ਬਾਅਦ ਇੱਕ ਸਮਝੌਤੇ 'ਤੇ ਗੱਲਬਾਤ ਮੁੱਕੀ ਸੀ। ਇੱਕ ਮੁਕੱਦਮਾ ਅਸੈਂਬਲੀ ਆਫ਼ ਫਸਟ ਨੇਸ਼ਨਜ਼ ਦੁਆਰਾ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਬਾਅਦ ਵਿੱਚ ਇੱਕ ਹੋਰ ਮੁਕੱਦਮੇ ਨਾਲ ਰਲ਼ਾ ਦਿੱਤਾ ਗਿਆ ਸੀ।

ਮੁਆਵਜ਼ੇ ਲਈ $23 ਬਿਲੀਅਨ ਤੋਂ ਵੱਖ, ਸਰਕਾਰ ਨੇ ਆਨ-ਰਿਜ਼ਰਵ ਬਾਲ ਕਲਿਆਣ ਪ੍ਰਣਾਲੀ ਅਤੇ ਪਰਿਵਾਰਕ ਸੇਵਾਵਾਂ ਦੇ ਲੰਬੇ ਸਮੇਂ ਦੇ ਸੁਧਾਰ ਲਈ ਵਾਧੂ $20 ਬਿਲੀਅਨ ਨਿਰਧਾਰਤ ਕੀਤੇ ਹਨ।

ਡੈਰਨ ਮੇਜਰ, ਓਲੀਵੀਆ ਸਟੈਫ਼ਨੋਵਿਚ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ